ਅਮਰੀਕੀ ਫੌਜ ਵੱਲੋਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਅਤੇ ਉਸਦੀ ਪਤਨੀ ਨੂੰ ਕੀਤਾ ਅਗਵਾ
ਅਮਰੀਕਾ : ਵੇਨੇਜ਼ੁਏਲਾ ਵਿੱਚ ਇੱਕ ਵੱਡੇ ਅਤੇ ਨਾਟਕੀ ਘਟਨਾਕ੍ਰਮ ਦੌਰਾਨ, ਅਮਰੀਕੀ ਫੌਜ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਨੂੰ ਅਮਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਤੇ ਟੰਗਦਿਆਂ ਕਬਜੇ ਵਿੱਚ ਲੈ ਲਿਆ ਹੈ। ਇੱਕ ਵਿਸ਼ੇਸ਼ ਮਿਲਟਰੀ ਆਪਰੇਸ਼ਨ ਰਾਹੀਂ ਦੋਵਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਕੇ ਸਿੱਧਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਲਿਆਂਦਾ ਗਿਆ ਹੈ। ਇੱਥੇ ਉਨ੍ਹਾਂ ਵਿਰੁੱਧ ‘ਨਾਰਕੋ-ਟੈਰਰਿਜ਼ਮ’ (ਨਸ਼ਾ ਤਸਕਰੀ ਅਤੇ ਅਤਿਵਾਦ) ਦੇ ਗੰਭੀਰ ਦੋਸ਼ਾਂ ਤਹਿਤ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਾਰਵਾਈ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਵੇਨੇਜ਼ੁਏਲਾ ਵਿੱਚ ਜਮਹੂਰੀ ਢਾਂਚਾ ਪੂਰੀ ਤਰ੍ਹਾਂ ਬਹਾਲ ਨਹੀਂ ਹੁੰਦਾ, ਉਦੋਂ ਤੱਕ ਦੇਸ਼ ਦਾ ਪ੍ਰਸ਼ਾਸਨ ਅਮਰੀਕਾ ਦੇ ਹੱਥਾਂ ਵਿੱਚ ਰਹੇਗਾ। ਇਸ ਦੇ ਨਾਲ ਹੀ, ਅਮਰੀਕਾ ਨੇ ਵੇਨੇਜ਼ੁਏਲਾ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਆਪਣੇ ਕੰਟਰੋਲ ਵਿੱਚ ਲੈਣ ਅਤੇ ਆਲਮੀ ਮੰਡੀ ਵਿੱਚ ਤੇਲ ਵੇਚਣ ਦੀ ਰਣਨੀਤੀ ਦਾ ਵੀ ਐਲਾਨ ਕੀਤਾ ਹੈ।
ਦੂਜੇ ਪਾਸੇ, ਵੇਨੇਜ਼ੁਏਲਾ ਸਰਕਾਰ ਨੇ ਇਸ ਕਾਰਵਾਈ ਨੂੰ ‘ਸਾਮਰਾਜਵਾਦੀ ਹਮਲਾ’ ਦੱਸਦਿਆਂ ਸਖ਼ਤ ਨਿਖੇਧੀ ਕੀਤੀ ਹੈ। ਰਾਜਧਾਨੀ ਕਾਰਾਕਾਸ ਵਿੱਚ ਹੋਏ ਇਸ ਮਿਲਟਰੀ ਆਪਰੇਸ਼ਨ ਦੌਰਾਨ ਕਈ ਥਾਵਾਂ ‘ਤੇ ਧਮਾਕੇ ਹੋਣ ਅਤੇ ਕੁਝ ਨਾਗਰਿਕਾਂ ਤੇ ਸੈਨਿਕਾਂ ਦੇ ਮਾਰੇ ਜਾਣ ਦੀਆਂ ਵੀ ਖ਼ਬਰਾਂ ਹਨ। ਇਸੇ ਦੌਰਾਨ, ਵੇਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ। ਰੌਡਰਿਗਜ਼ ਨੇ ਅਹੁਦਾ ਸੰਭਾਲਦਿਆਂ ਹੀ ਅਮਰੀਕਾ ਤੋਂ ਮਾਦੁਰੋ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।
ਇਸ ਘਟਨਾ ਨੇ ਕੌਮਾਂਤਰੀ ਪੱਧਰ ‘ਤੇ ਹਲਚਲ ਮਚਾ ਦਿੱਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਸੋਮਵਾਰ ਨੂੰ ਇੱਕ ਹੰਗਾਮੀ ਮੀਟਿੰਗ ਸੱਦ ਲਈ ਹੈ। ਉੱਧਰ, ਅਮਰੀਕਾ ਦੇ ਅੰਦਰੂਨੀ ਸਿਆਸੀ ਹਲਕਿਆਂ ਵਿੱਚ ਵੀ ਇਸ ਕਾਰਵਾਈ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਬਿਨਾਂ ਸੰਸਦੀ ਮਨਜ਼ੂਰੀ ਦੇ ਕਿਸੇ ਹੋਰ ਦੇਸ਼ ਵਿੱਚ ਕੀਤੀ ਗਈ ਇਸ ਫੌਜੀ ਕਾਰਵਾਈ ਦੀ ਕਾਨੂੰਨੀ ਤੌਰ ਤੇ ਜਾਇਜ਼ ਹੋਣ ‘ਤੇ ਸਵਾਲ ਚੁੱਕੇ ਹਨ।