328 ਪਾਵਨ ਸਰੂਪਾਂ ਦਾ ਮਾਮਲਾ: ਸਾਬਕਾ ਸ਼੍ਰੋਮਣੀ ਕਮੇਟੀ ਮੁਲਾਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ: 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ ਐਸ ਆਈ ਟੀ ਨੇ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਇੱਕ ਸਾਬਕਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੰਜਾਬ ਸਮੇਤ ਚੰਡੀਗੜ੍ਹ ਵਿੱਚ 14 ਵੱਖ-ਵੱਖ ਟਿਕਾਣਿਆਂ ‘ਤੇ ਤਾਲਮੇਲ ਨਾਲ ਤਲਾਸ਼ੀ ਮੁਹਿੰਮ ਚਲਾਈ।
ਐਸ ਆਈ ਟੀ ਦੇ ਬੁਲਾਰੇ ਅਨੁਸਾਰ, ਇਸ ਮਾਮਲੇ ਵਿੱਚ ਸਾਬਕਾ ਸ਼੍ਰੋਮਣੀ ਕਮੇਟੀ ਮੁਲਾਜ਼ਮ ਕਮਲਜੀਤ ਸਿੰਘ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਲਜੀਤ ਸਿੰਘ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਧਾਰਮਿਕ ਗ੍ਰੰਥਾਂ ਦੀ ਸਾਂਭ-ਸੰਭਾਲ ਵਿੱਚ ਹੋਈਆਂ ਬੇਨਿਯਮੀਆਂ ਅਤੇ ਪਾਵਨ ਸਰੂਪਾਂ ਦੀ ਅਣਅਧਿਕਾਰਤ ਤਿਆਰੀ ਤੇ ਸਾਂਭ ਸੰਭਾਲ ਵਿੱਚ ਸਿੱਧੀ ਭੂਮਿਕਾ ਨਿਭਾਈ ਸੀ।
ਇਸ ਤੋਂ ਪਹਿਲਾਂ ਸਾਬਕਾ ਆਡੀਟਰ ਸਤਿੰਦਰ ਸਿੰਘ ਕੋਹਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਾਂਚ ਟੀਮ ਨੇ ਕਾਰਵਾਈ ਕਰਦਿਆਂ ਚੰਡੀਗੜ੍ਹ ਵਿੱਚ ਦੋ, ਅੰਮ੍ਰਿਤਸਰ ਸ਼ਹਿਰ ਵਿੱਚ ਅੱਠ ਅਤੇ ਗੁਰਦਾਸਪੁਰ, ਰੋਪੜ, ਤਰਨਤਾਰਨ ਤੇ ਅੰਮ੍ਰਿਤਸਰ (ਦਿਹਾਤੀ) ਵਿੱਚ ਇੱਕ-ਇੱਕ ਸਥਾਨ ‘ਤੇ ਛਾਪੇਮਾਰੀ ਕੀਤੀ।
ਇਹਨਾਂ ਛਾਪਿਆਂ ਦੌਰਾਨ ਟੀਮ ਨੇ 7 ਮੋਬਾਈਲ ਫੋਨ, 3 ਟੈਬਲੇਟ, 2 ਲੈਪਟਾਪ ਅਤੇ ਇੱਕ ਸਟੋਰੇਜ ਡਿਵਾਈਸ ਬਰਾਮਦ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹਨਾਂ ਸਾਰੇ ਇਲੈਕਟ੍ਰਾਨਿਕ ਯੰਤਰਾਂ ਦੀ ਬਾਰੀਕੀ ਨਾਲ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ।
ਐਸ ਆਈ ਟੀ ਅਨੁਸਾਰ ਉਨ੍ਹਾਂ ਨੇ ਕਈ ਅਹਿਮ ਵਿੱਤੀ ਰਿਕਾਰਡ ਅਤੇ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਹਨ। ਬੁਲਾਰੇ ਨੇ ਦੱਸਿਆ ਕਿ ਕਈ ਸ਼ੱਕੀ ਕੰਪਨੀਆਂ ਅਤੇ ਵਿਅਕਤੀਆਂ ਵਿਚਕਾਰ ਹੋਏ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਘੇਰੇ ਵਿੱਚ ਕੁਝ ਰਾਜਨੀਤਿਕ ਸ਼ਖਸੀਅਤਾਂ ਨਾਲ ਜੁੜੇ ਵਿੱਤੀ ਲੈਣ-ਦੇਣ ਵੀ ਸ਼ਾਮਲ ਹਨ, ਜਿਨ੍ਹਾਂ ਦੀ ਹੁਣ ਡੂੰਘਾਈ ਨਾਲ ਪੜਤਾਲ ਹੋਵੇਗੀ।
ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਸੀ-ਡਵੀਜ਼ਨ ਵਿਖੇ ਦਰਜ ਹੋਈ ਐਫ ਆਈ ਆਰ ਵਿੱਚ ਕੁੱਲ 16 ਵਿਅਕਤੀ ਨਾਮਜ਼ਦ ਹਨ। ਇਹਨਾਂ ਵਿੱਚੋਂ ਦੋ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਕੀ 14 ਵਿਅਕਤੀਆਂ ਖਿਲਾਫ਼ ਜਾਂਚ ਜਾਰੀ ਹੈ।
ਐਸ ਆਈ ਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਇੱਕ ਯੋਜਨਾਬੱਧ ਤਰੀਕੇ ਨਾਲ ਅੱਗੇ ਵਧ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।